ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, October 21, 2010

ਰਾਸ਼ਟਰਪਤੀ ਬਰਾਕ ਓਬਾਮਾ ਨੇ ਟਾਲੀ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ

ਨਿਊਯਾਰਕ : ਰਾਸ਼ਟਰਪਤੀ ਬਰਾਕ ਓਬਾਮਾ ਨੇ ਸਿਰ 'ਤੇ ਕੱਪੜਾ ਬੰਨਣ ਤੋਂ ਡਰ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਰੱਦ ਕਰ ਦਿੱਤੀ। ਭਾਰਤ ਵਿਚ ਅਮਰੀਕੀ ਦੂਤਾਵਾਸ ਨੇ ਇਹ ਪੁਸ਼ਟੀ ਕਰ ਦਿੱਤੀ ਹੈ ਕਿ ਓਬਾਮਾ ਦੀ ਅੰਮ੍ਰਿਤਸਰ ਯਾਤਰਾ ਰੱਦ ਹੋ ਗਈ ਹੈ। ਓਬਾਮਾ ਨੂੰ ਡਰ ਹੈ ਕਿ ਸਿਰ 'ਤੇ ਕੱਪੜਾ ਬੰਨ੍ਹ ਕੇ ਖਿਚਵਾਈ ਗਈ ਫ਼ੋਟੋ ਅਮਰੀਕਾ 'ਚ ਉਨ੍ਹਾਂ ਅਫ਼ਵਾਹਬਾਜ਼ਾਂ ਨੂੰ ਹੋਰ ਬਲ ਦੇਵੇਗੀ, ਜਿਹੜੇ ਉਨ੍ਹਾਂ ਨੂੰ ਮੁਸਲਮਾਨ ਦੱਸਦੇ ਹਨ। ਜ਼ਿਕਰਯੋਗ ਹੈ ਕਿ 6 ਨਵੰਬਰ ਨੂੰ ਓਬਾਮਾ ਭਾਰਤ ਯਾਤਰਾ 'ਤੇ ਆ ਰਹੇ ਹਨ। ਉਨ੍ਹਾਂ ਨੇ 7 ਨਵੰਬਰ ਨੂੰ ਅੰਮ੍ਰਿਤਸਰ ਆਉਣਾ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਜੱਲ੍ਹਿਆਂਵਾਲੇ ਬਾਗ 'ਚ ਜਾਣਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਜਾਣਾ ਸੀ। ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿਰ ਢੱਕਣ ਦੀ ਮਰਿਆਦਾ ਨੂੰ ਲੈ ਕੇ ਓਬਾਮਾ ਕਾਫ਼ੀ ਕਸੂਤੀ ਸਥਿਤੀ 'ਚ ਫ਼ਸ ਗਏ ਹਨ, ਜਿਸ ਕਾਰਨ ਉਨ੍ਹਾਂ ਨੇ ਆਪਣੀ ਅੰਮ੍ਰਿਤਸਰ ਯਾਤਰਾ ਟਾਲ ਦਿੱਤੀ। ਓਬਾਮਾ ਦੇ ਸਹਿਯੋਗੀਆਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਸਿਰ ਢੱਕਣ ਨਾਲ ਓਬਾਮਾ ਦੀ ਤਸਵੀਰ ਇਕ ਮੁਸਲਮਾਨ ਵਜੋਂ ਪੇਸ਼ ਹੋਵੇਗੀ। ਭਾਰਤ ਸਥਿਤ ਅਮਰੀਕੀ ਦੂਤਾਵਾਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਹੁਣ ਓਬਾਮਾ ਅੰਮ੍ਰਿਤਸਰ ਨਹੀਂ ਜਾਣਗੇ।

ਬੀਬੀ ਉਪਿੰਦਰਜੀਤ ਬਣੀ ਵਿੱਤ ਮੰਤਰੀ, ਸੇਵਾ ਸਿੰਘ ਸੇਖਵਾਂ ਸਿੱਖਿਆ ਮੰਤਰੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੰਤਰੀ ਮੰਡਲ 'ਚ ਸੰਖੇਪ ਫ਼ੇਰ-ਬਦਲ ਕਰਦਿਆਂ ਸਿੱਖਿਆ ਮੰਤਰੀ ਬੀਬੀ ਉਪਿੰਦਰਜੀਤ ਕੌਰ ਨੂੰ ਵਿੱਤ ਵਿਭਾਗ ਦਾ ਜ਼ਿੰਮਾ ਸੌਂਪ ਦਿੱਤਾ ਹੈ। ਮਨਪ੍ਰੀਤ ਬਾਦਲ ਨੂੰ ਪਾਰਟੀ ਅਤੇ ਕੈਬਨਿਟ 'ਚੋਂ ਬਾਹਰ ਕੱਢਣ ਤੋਂ ਬਾਅਦ ਵਿੱਤ ਵਿਭਾਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੇ ਦਿੱਤਾ ਗਿਆ ਸੀ। ਬੀਬੀ ਉਪਿੰਦਰਜੀਤ ਕੌਰ ਨੂੰ ਵਿੱਤ ਮੰਤਰੀ ਬਣਾਉਣ ਦੇ ਨਾਲ ਲੋਕ ਸੰਪਰਕ ਮੰਤਰੀ ਸੇਵਾ ਸਿੰਘ ਸੇਖਵਾਂ ਨੂੰ ਸਿੱਖਿਆ ਵਿਭਾਗ ਅਤੇ ਲੋਕ ਸੰਪਰਕ ਵਿਭਾਗ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਵਾਲੇ ਕਰ ਦਿੱਤਾ ਗਿਆ। ਹੁਣ ਮਨਪ੍ਰੀਤ ਸਿੰਘ ਬਾਦਲ ਲਈ ਨਾ ਹੀ ਪਾਰਟੀ ਅਤੇ ਨਾ ਹੀ ਸਰਕਾਰ 'ਚ ਕੋਈ ਥਾਂ ਬਚੀ ਹੈ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਖ਼ਬਰਾਂ ਮਿਲ ਰਹੀਆਂ ਹਨ ਕਿ ਸੁਖਬੀਰ ਸਿੰਘ ਬਾਦਲ ਨੇ ਭਾਰੀ ਦਬਾਅ ਪਾ ਕੇ ਲੋਕ ਸੰਪਰਕ ਵਿਭਾਗ ਹਾਸਲ ਕੀਤਾ ਹੈ, ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਮੁੱਚੇ ਮੀਡੀਆ 'ਤੇ ਦਬਾਅ ਬਣਾਇਆ ਜਾ ਸਕੇ।

ਮਨਪ੍ਰੀਤ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ

ਜਗਬੀਰ ਸਿੰਘ ਬਰਾੜ ਅਤੇ ਮਨਜਿੰਦਰ ਸਿੰਘ ਕੰਗ ਨੂੰ ਕਾਰਨ ਦੱਸੋ ਨੋਟਿਸ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ ’ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ। ਮਨਪ੍ਰੀਤ ਦੇ ਦੋ ਹਮਾਇਤੀ ਵਿਧਾਇਕਾਂ ਜਗਬੀਰ ਸਿੰਘ ਬਰਾੜ ਅਤੇ ਮਨਜਿੰਦਰ ਸਿੰਘ ਕੰਗ ਨੂੰ 21 ਦਿਨ ਦਾ ਨੋਟਿਸ ਦੇ ਕੇ ਸਪਸ਼ਟੀਕਰਨ ਮੰਗ ਲਿਆ ਗਿਆ ਹੈ। ਸਰਕਾਰੀ ਹਲਕਿਆਂ ਦਾ ਦਾਅਵਾ ਹੈ ਕਿ ਬਰਤਰਫ਼ੀ ਦੇ ਬਾਵਜੂਦ ਮਨਪ੍ਰੀਤ ’ਤੇ ਦਲਬਦਲੀ ਕਾਨੂੰਨ ਦੇ ਨਿਯਮਾਂ ਅਧੀਨ ਅਕਾਲੀ ਦਲ ਦੇ ਵਿਧਾਇਕ ਵਜੋਂ ਪਾਰਟੀ ਦਾ ਵਿਪ੍ਹ ਲਾਗੂ ਰਹੇਗਾ।ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਿਛਲੇ ਵਿਧਾਨ ਸਭਾ ਸੈਸ਼ਨ ਵਿਚ ਕਿਹਾ ਸੀ ਕਿ ਕੇਂਦਰ ਪੰਜਾਬ ਸਿਰ ਚੜ੍ਹੇ ਕਰਜ਼ੇ ਵਿਚੋਂ 35000 ਕਰੋੜ ਰੁਪਏ ਕੁਝ ਸ਼ਰਤਾਂ ਨਾਲ ਮੁਆਫ਼ ਕਰਨ ਲਈ ਤਿਆਰ ਹੈ। ਇਸ ਦੇ ਬਾਅਦ ਉਨ੍ਹਾਂ ਨੇ ਮੀਡੀਆ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੰਮ ਕਰਨ ਦੇ ਢੰਗ ਤਰੀਕੇ ਦੀ ਵੀ ਆਲੋਚਨਾ ਕਰ ਦਿੱਤੀ। ਅਕਾਲੀ ਦਲ ਦੀ ਕੋਰ ਕਮੇਟੀ ਨੇ ਨੋਟਿਸ ਲਿਆ ਤਾਂ ਮਨਪ੍ਰੀਤ ਨੇ ਕਈ ਸੀਨੀਅਰ ਅਕਾਲੀ ਆਗੂਆਂ ਦੇ ਖ਼ਿਲਾਫ਼ ਟਿੱਪਣੀਆਂ ਕੀਤੀਆਂ। ਇਸ ਮੁੱਦੇ ’ਤੇ ਪਾਰਟੀ ਵੱਲੋਂ ਬਣੀ ਅਨੁਸ਼ਾਸਨੀ ਕਮੇਟੀ ਨੇ ਮਨਪ੍ਰੀਤ ਨੂੰ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਸੀ ਅਤੇ 20 ਅਕਤੂਬਰ ਨੂੰ ਪਾਰਟੀ ਦਫਤਰ ਆ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਸੀ, ਨਾਲ ਹੀ ਪਾਰਟੀ ਦੀ ਮੁਅੱਤਲੀ ਦੇ ਆਧਾਰ ’ਤੇ ਮੁੱਖ ਮੰਤਰੀ ਨੇ ਮਨਪ੍ਰੀਤ ਦੀ ਵਜ਼ਾਰਤ ਵਿਚੋਂ ਛੁੱਟੀ ਕਰ ਦਿੱਤੀ ਸੀ।

ਗਾਇਕ ਹਰਭਜਨ ਮਾਨ ਨੂੰ ਡੇਂਗੂ

ਲੁਧਿਆਣਾ : ਡੇਂਗੂ ਦੇ ਪ੍ਰਕੋਪ ਨਾਲ਼ ਜਿੱਥੇ ਆਮ ਜਨਤਾ ਦਹਿਸ਼ਤ 'ਚ ਹੈ, ਉੱਥੇ ਡੇਂਗੂ ਨੇ ਸੈਲੀਬ੍ਰਿਟੀਜ਼ ਵੀ ਘੇਰ ਲਿਆ ਹੈ। ਪੰਜਾਬੀ ਐਕਟਰ ਅਤੇ ਗਾਇਕ ਹਰਭਜਨ ਮਾਨ ਸਥਾਨਕ ਇਕ ਹਸਪਤਾਲ ਵਿੱਚ ਦਾਖਲ ਹੈ, ਕਿਉਂਕਿ ਉਹਨਾਂ ਨੂੰ ਡੇਂਗੂ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ। ਹਰਭਜਨ ਮਾਨ ਦੇ ਇੱਕ ਨਜ਼ਦੀਕੀ ਸੂਤਰ ਅਨੁਸਾਰ ਉਹ ਕੁਝ ਦਿਨ ਪਹਿਲਾਂ ਮੁੰਬਈ ਗਏ ਹੋਏ ਸਨ ਅਤੇ ਮੁੰਬਈ ਤੋਂ ਪਰਤਦੇ ਹੀ ਹਰਭਜਨ ਬਿਮਾਰ ਹੋ ਗਏ, ਜਿਹਨਾਂ ਨੂੰ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਹਨਾਂ ਦੀ ਹਾਲਤ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ।

ਬੇਅੰਤ ਹੱਤਿਆ ਕਾਂਡ : ਹਵਾਰਾ ਦੀ ਫ਼ਾਂਸੀ ਉਮਰ ਭਰ ਦੀ ਕੈਦ 'ਚ ਤਬਦੀਲ, ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਬਰਕਰਾਰ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕਾਂਡ ਦੇ ਮੁੱਖ ਦੋਸ਼ੀ ਅਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਭਾਰਤ ਵਿਚਲੇ ਮੁਖੀ ਜਗਤਾਰ ਸਿੰਘ ਹਵਾਰਾ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰ ਦਿੱਤਾ ਗਿਆ, ਜਦੋਂਕਿ ਉਸ ਦੇ ਸਹਿਯੋਗੀ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਨੂੰ ਅਦਾਲਤ ਨੇ ਬਰਕਰਾਰ ਰੱਖਿਆ ਹੈ। ਹਵਾਰਾ ਅਤੇ ਰਾਜੋਆਣਾ ਨੂੰ ਬੇਅੰਤ ਸਿੰਘ ਹੱਤਿਆ ਕਾਂਡ ਦੀ ਸੁਣਵਾਈ ਲਈ ਬੁੜੈਲ ਜੇਲ੍ਹ 'ਚ ਸਥਾਪਤ ਵਿਸ਼ੇਸ਼ ਅਦਾਲਤ ਨੇ 2007 'ਚ ਫ਼ਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਹਵਾਰਾ ਨੇ ਸਜ਼ਾ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਅਪੀਲ ਕੀਤੀ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਮਹਿਤਾਬ ਸਿੰਘ ਗਿੱਲ ਅਤੇ ਜੱਜ ਅਰਵਿੰਦ ਕੁਮਾਰ 'ਤੇ ਆਧਾਰਤ ਬੈਂਚ ਨੇ ਮੰਗਲਵਾਰ ਨੂੰ ਜਗਤਾਰ ਸਿੰਘ ਹਵਾਰਾ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਭਰ ਦੀ ਕੈਦ 'ਚ ਤਬਦੀਲ ਕਰਨ ਦਾ ਫ਼ੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਇਹ ਸਾਹਮਣੇ ਆਇਆ ਹੈ ਕਿ 30 ਅਤੇ 31 ਜੁਲਾਈ 1995 ਨੂੰ ਜਗਤਾਰ ਸਿੰਘ ਹਵਾਰਾ ਚੰਡੀਗੜ੍ਹ ਦੇ ਆਸਪਾਸ ਨਹੀਂ ਮਿਲਿਆ ਸੀ। ਅਦਾਲਤ ਨੇ ਕਿਹਾ ਕਿ ਜਗਤਾਰ ਸਿੰਘ ਹਵਾਰਾ ਦੀ ਫ਼ਾਂਸੀ ਦੀ ਸਜ਼ਾ ਉਮਰ ਭਰ ਦੀ ਕੈਦ 'ਚ ਤਬਦੀਲ ਕੀਤੀ ਜਾਂਦੀ ਹੈ। ਇਹ ਸਜ਼ਾ ਉਦੋਂ ਤੱਕ ਬਰਕਰਾਰ ਰਹੇਗੀ, ਜਦੋਂ ਤੱਕ ਹਵਾਰਾ ਦੀ ਮੌਤ ਨਾ ਹੋ ਜਾਵੇ।ਅਦਾਲਤ ਨੇ ਇਸੇ ਕੇਸ 'ਚ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਬਹਾਲ ਰੱਖਣ ਦਾ ਫ਼ੈਸਲਾ ਸੁਣਾਇਆ। ਯਾਦ ਰਹੇ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਸਜ਼ਾ ਵਿਰੁੱਧ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹਵਾਰਾ ਦੀ ਅਪੀਲ 'ਤੇ ਸਜ਼ਾ ਵਿਰੁੱਧ ਸੁਣਵਾਈ ਮੌਕੇ ਵੀ ਬਲਵੰਤ ਸਿੰਘ ਰਾਜੋਆਣਾ ਨੇ ਹਾਈਕੋਰਟ ਕੋਲ ਆਪਣੇ ਜ਼ੁਰਮ ਦੇ ਇਕਬਾਲ ਵਾਲੇ ਤਿੰਨ ਬਿਆਨ ਦਿੱਤੇ ਸਨ। ਇਸੇ ਕਤਲ ਕੇਸ 'ਚ ਹੋਰ ਦੋਸ਼ੀਆਂ ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ ਅਤੇ ਲਖਵਿੰਦਰ ਸਿੰਘ ਦੀ ਉਮਰ ਕੈਦ ਦੀ ਸਜ਼ਾ ਨੂੰ ਵੀ ਅਦਾਲਤ ਨੇ ਬਰਕਰਾਰ ਰੱਖਿਆ ਹੈ।

ਭ੍ਰਿਸ਼ਟਾਚਾਰ ਕੇਸ : ਬਾਦਲ ਪਰਿਵਾਰ ਬਰੀ

ਵਿਸ਼ੇਸ਼ ਅਦਾਲਤ ਨੇ ਇਕ ਅਹਿਮ ਫੈਸਲਾ ਸੁਣਾਉਂਦਿਆਂ 7 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੇਲੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਭ੍ਰਿਸ਼ਟਾਚਾਰ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਸ੍ਰੀਮਤੀ ਸੁਰਿੰਦਰ ਕੌਰ ਬਾਦਲ, ਪੁੱਤਰ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਣੇ 10 ਵਿਅਕਤੀਆਂ ਨੂੰ ਭ੍ਰਿਸ਼ਟਾਚਾਰ, ਆਮਦਨ ਤੋਂ ਵੱਧ ਨਾਮੀ ਤੇ ਬੇਨਾਮੀ ਜਾਇਦਾਦ ਬਣਾਉਣ ਅਤੇ ਕਈ ਹੋਰ ਅਪਰਾਧਿਕ ਮਾਮਲਿਆਂ ’ਚੋਂ ਬਰੀ ਕਰ ਦਿੱਤਾ। ਇਸੇ ਨਾਲ ਅਦਾਲਤ ਨੇ ਮਾਮਲੇ ਦੇ ਤਫਤੀਸ਼ੀ ਅਫਸਰ ਤੇ ਉਸ ਸਮੇਂ ਦੇ ਐਸ.ਪੀ. (ਵਿਜੀਲੈਂਸ) ਸੁਰਿੰਦਰਪਾਲ ਸਿੰਘ ਵਿਰਕ ਅਤੇ ਮੌਜੂਦਾ ਆਈ.ਜੀ. ਬੀ.ਕੇ. ਉੱਪਲ ਅਤੇ ਹੋਰਨਾਂ ਅਧਿਕਾਰੀਆਂ ਖਿਲਾਫ ਮੁਕੱਦਮਾ ਚਲਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਮੁਲਜ਼ਮ ਖਿਲਾਫ ਠੋਸ ਸਬੂਤ ਸਾਹਮਣੇ ਨਹੀਂ ਆਏ ਅਤੇ ਨਾ ਹੀ ਵਿਜੀਲੈਂਸ ਪੇਸ਼ ਕਰ ਸਕੀ। ਵਿਜੀਲੈਂਸ ਨੂੰ ਫਿੱਟ ਲਾਹਣਤ ਪਾਉਂਦੇ ਹੋਏ ਕਿਹਾ ਕਿ ਉਸ ਨੇ ਗਲਤ ਤੱਥ ਪੇਸ਼ ਕਰਕੇ ਅਦਾਲਤ ਨੂੰ ਗੁੰਮਰਾਹ ਕੀਤਾ ਹੈ।ਅਦਾਲਤ ਨੇ ਬਰੀ ਕੀਤੇ ਮੁਲਜ਼ਮਾਂ ਨੂੰ 50-50 ਹਜ਼ਾਰ ਰੁਪਏ ਦਾ ਨਿੱਜੀ ਮੁਚੱਲਕਾ ਅਤੇ ਇੰਨੀ ਰਕਮ ਦੇ ਜ਼ਮਾਨਤੀ ਬਾਂਡ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਕਿਸੇ ਵਿਅਕਤੀ ਵੱਲੋਂ ਇਸ ਕੇਸ ਦੇ ਫੈਸਲੇ ਨੂੰ ਉੱਚ ਅਦਾਲਤ ਵਿਚ ਚੁਣੌਤੀ ਦਿੱਤੀ ਜਾਂਦੀ ਹੈ ਤਾਂ ਬਰੀ ਕੀਤੇ ਮੁਲਜ਼ਮਾਂ ਨੂੰ ਉਸ ਅਦਾਲਤ ਵਿਚ ਪੇਸ਼ ਹੋਣਾ ਪਵੇਗਾ।

ਰਾਮ ਜਨਮ ਭੂਮੀ ਬਨਾਮ ਬਾਬਰੀ ਮਸਜਿਦ : ਵਿਵਾਦਤ ਥਾਂ ਵੰਡੇਗੀ ਤਿੰਨ ਹਿੱਸਿਆਂ 'ਚ

ਨਵੀਂ ਦਿੱਲੀ : ਅਯੁੱਧਿਆ ਵਿਵਾਦ 'ਤੇ ਆਖ਼ਰਕਾਰ ਪਹਿਲਾ ਅਦਾਲਤੀ ਫ਼ੈਸਲਾ ਆ ਹੀ ਗਿਆ। ਇਲਾਹਾਬਾਦ ਹਾਈਕੋਰਟ ਨੇ 60 ਸਾਲਾਂ ਬਾਅਦ ਰਾਮ ਜਨਮ ਭੂਮੀ ਬਨਾਮ ਬਾਬਰੀ ਮਸਜਿਦ ਦੀ ਵਿਵਾਦਗ੍ਰਸਤ ਜ਼ਮੀਨ ਦੇ ਮਾਲਿਕਾਨਾ ਹੱਕ 'ਤੇ ਆਪਣਾ ਫ਼ੈਸਲਾ ਸੁਣਾਇਆ। ਤਿੰਨ ਜੱਜਾਂ ਦੇ ਬੈਂਚ ਨੇ ਦੋ ਇਕ ਦੇ ਬਹੁਮਤ ਨਾਲ ਜੋ ਫ਼ੈਸਲਾ ਸੁਣਾਇਆ ਉਸ ਅਨੁਸਾਰ ਸਾਫ਼ ਕੀਤਾ ਗਿਆ ਕਿ ਜਿਥੇ ਰਾਮ ਲੱਲਾ ਦੀ ਮੂਰਤੀ ਲੱਗੀ ਹੈ, ਉਹ ਥਾਂ ਰਾਮ ਜਨਮ ਭੂਮੀ ਹੈ ਅਤੇ ਇਹ ਮੂਰਤੀ ਇਥੇ ਹੀ ਰਹੇਗੀ। ਅਦਾਲਤ ਦੇ ਫ਼ੈਸਲੇ ਅਨੁਸਾਰ ਜਿਸ ਥਾਂ 'ਤੇ ਸ੍ਰੀ ਰਾਮ ਚੰਦਰ ਜੀ ਦੀ ਮੂਰਤੀ ਬਿਰਾਜ਼ਮਾਨ ਹੈ, ਉਹ ਹਿੱਸਾ ਹਿੰਦੂ ਮਹਾਂਸਭਾ ਨੂੰ ਦਿੱਤਾ ਜਾਵੇਗਾ। ਇਸ ਵਿਵਾਦਗ੍ਰਸਤ ਥਾਂ ਦੇ ਬਾਕੀ ਦੋ ਹਿੱਸੇ ਬਰਾਬਰ-ਬਰਾਬਰ ਨਿਰਮੋਹੀ ਅਖਾੜਾ ਅਤੇ ਸੁੰਨੀ ਵਕਫ਼ ਬੋਰਡ ਨੂੰ ਦਿੱਤੇ ਜਾਣਗੇ। ਅਦਾਲਤ ਨੇ ਸਾਫ਼ ਕੀਤਾ ਕਿ ਅਯੁੱਧਿਆ ਵਿਚ ਜਿਥੇ ਹੁਣ ਰਾਮ ਲੱਲਾ ਬਿਰਾਜ਼ਮਾਨ ਹਨ, ਉਹ ਥਾਂ ਪਹਿਲਾਂ ਵੀ ਮੰਦਰ ਹੀ ਸੀ। ਬਾਬਰ ਨੇ ਇਸ ਵਿਵਾਦਗ੍ਰਸਤ ਥਾਂ 'ਤੇ ਮਸਜਿਦ ਬਣਾਈ ਸੀ।ਸਭ ਤੋਂ ਵੱਡੇ ਫ਼ਿਰਕੂ ਤੇ ਸੰਵੇਦਨਸ਼ੀਲ ਇਸ ਮਾਮਲੇ 'ਚ ਅਦਾਲਤੀ ਫ਼ੈਸਲੇ ਦੇ ਮੱਦੇਨਜ਼ਰ ਦੇਸ਼ ਭਰ 'ਚ ਸੁਰੱਖਿਆ ਦੇ ਕਰੜੇ ਬੰਦੋਬਸਤ ਕੀਤੇ ਗਏ ਹਨ, ਪਰ ਅਦਾਲਤੀ ਫ਼ੈਸਲਾ ਆਉਣ ਤੋਂ ਬਾਅਦ ਅਮਨ-ਸ਼ਾਂਤੀ ਕਾਇਮ ਹੈ ਅਤੇ ਕਿਸੇ ਵੀ ਭਾਈਚਾਰੇ ਵਲੋਂ ਕਿਸੇ ਤਰ੍ਹਾਂ ਦੀ ਉਕਸਾਹਟ ਪੈਦਾ ਨਹੀਂ ਕੀਤੀ ਗਈ। ਵਿਵਾਦਗ੍ਰਸਤ ਫ਼ੈਸਲੇ ਬਾਰੇ ਖ਼ਬਰਾਂ ਤੋਂ ਬਾਅਦ ਤੁਸੀਂ ਮਾਹਰਾਂ ਦੀ ਵਿਚਾਰ-ਚਰਚਾ ਵੀ ਸੁਣੋਗੇ।