ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, December 27, 2012

ਅਮਰੀਕਾ ਵਿਚ ਸਿੱਖਾਂ ਖਿਲਾਫ ਨਸਲੀ ਹਿੰਸਾ ਦੀ ਦਾਸਤਾਂ


ਬੇਸ਼ੱਕ ਵਿਸਕਾਂਸਨ ਗੁਰਦੁਆਰਾ ਸਾਹਿਬ ਵਿਚ ਗੋਰੇ ਹਮਲਾਵਰ ਵਲੋਂ ਸਿੱਖਾਂ ਉਪਰ ਅੰਨ੍ਹੇਵਾਹ ਗੋਲੀਆਂ ਚਲਾਉਣ ਵਾਲੇ ਦੇ ਮਕਸਦ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੋਇਆ ਪਰ 9/11 ਦੀ ਘਟਨਾ ਤੋਂ ਬਾਅਦ ਸਿੱਖਾਂ ਵਿਰੁਧ ਹੋਈਆਂ ਹਿੰਸਕ ਘਟਨਾਵਾਂ ਦਾ ਇਕ ਖ਼ੂਨੀ ਇਤਿਹਾਸ ਹੈ। ਸਿੱਖਾਂ ਖਿਲਾਫ਼ ਹੋਈਆਂ ਹਿੰਸਕ ਵਾਰਦਾਤਾਂ ਦਾ ਵੇਰਵਾ ਇਸ ਪ੍ਰਕਾਰ ਹੈ :

ਬਲਬੀਰ ਸਿੰਘ ਸੋਢੀ ਦੀ ਹਤਿਆ
15 ਸਤੰਬਰ 2001 : ਮੇਸਾ, ਐਰੀਜ਼ੋਨਾ, ਇਕ ਗੈਸ ਸਟੇਸ਼ਨ ਦੇ 49 ਸਾਲਾ ਮਾਲਕ ਬਲਬੀਰ ਸਿੰਘ ਸੋਢੀ ਨੂੰ ਫਰੈਂਕ ਸਿਲਵਾ ਰੌਕ ਨਾਂ ਦੇ ਹਮਲਾਵਰ ਨੇ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਸੋਢੀ ਨੂੰ ਇਸ ਲਈ ਗੋਲੀ ਮਾਰੀ ਗਈ ਕਿਉਂਕਿ ਉਹ ਪਹਿਰਾਵੇ ਤੋਂ ਮੁਸਲਿਮ ਲਗਦਾ ਸੀ, ਉਸ ਨੇ ਪੱਗ ਬੰਨ੍ਹੀ ਹੋਈ ਸੀ ਅਤੇ ਦਾੜ੍ਹੀ ਰੱਖੀ ਹੋਈ ਸੀ। ਉਸ ਦੀ ਮੌਤ ਦੇ 25 ਮਿੰਟਾਂ ਦੇ ਅੰਰ ਅੰਦਰ ਫੀਨਿਕਸ ਪੁਲਿਸ ਨੇ ਦੱਸਿਆ ਕਿ 4 ਹੋਰ ਅਜਿਹੇ ਲੋਕਾਂ ਉਪਰ ਹਮਲੇ ਹੋਏ ਹਨ। ਫਰੈਂਕ ਸਿਲਵਾ ਰੌਕ ਨੂੰ ਇਸ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਪਰ ਐਰੀਜੋਨਾ ਸੁਪਰੀਮ ਕੋਰਟ ਨੇ ਇਸ ਨੂੰ ਉਮਰ ਕੈਦ ਵਿਚ ਬਦਲ ਦਿੱਤਾ। 4 ਅਗਸਤ 2002 ਨੂੰ ਬਲਬੀਰ ਦੇ ਭਰਾ ਸੁਖਪਾਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦ ਉਹ ਸਾਨਫਰਾਂਸਿਸਕੋ ਵਿਚ ਕਾਰ ਚਲਾ ਰਿਹਾ ਸੀ। ਇਸ ਘਟਨਾ ਨੂੰ ਇਕ ਹਾਦਸੇ ਦਾ ਨਾਂ ਦਿੱਤਾ ਗਿਆ, ਕਿਉਂਕਿ ਨੇੜੇ ਦੋ ਧੜਿਆਂ ਦੀ ਗੋਲੀਬਾਰੀ ਵਿਚ ਉਸ ਦੇ ਇਕ ਗੋਲੀ ਵੱਜੀ। ਬਲਬੀਰ ਦੇ ਪੁੱਤਰ ਸੁਖਵਿੰਦਰ ਨੇ ਇਸ ‘ਤੇ ਕਿਹਾ ਕਿ ਤੁਸੀਂ ਗੁੱਸਾ ਕਰਕੇ ਕੀ ਕਰੋਗੇ? ਅਸੀਂ ਅਮਨ ਪਸੰਦ ਹਾਂ ਅਤੇ ਅਸੀਂ ਅਮਨ ਪਸੰਦ ਲੋਕ ਹਾਂ।
ਸੁਰਿੰਦਰ ਸਿੰਘ ਉੱਤੇ ਹਮਲਾ
12 ਦਸੰਬਰ 2001 ਲਾਸ ਏਂਜਲਸ, ਕੈਲੀਫੋਰਨੀਆ
47 ਸਾਲਾ ਸੁਰਿੰਦਰ ਸਿੰਘ ਦੇ ਸਟੋਰ ਵਿਚ ਦਾਖ਼ਲ ਹੋ ਕੇ ਦੋ ਬੰਦਿਆਂ ਨੇ ਉਸ ਦੀ ਕੁੱਟਮਾਰ ਕੀਤੀ। ਉਸ ਉਪਰ ਦੋਸ਼ ਲਾਇਆ ਕਿ ਉਹ ਓਸਾਮਾ ਬਿਨ ਲਾਦੇਨ ਹੈ ਅਤੇ ਉਸ ਨੂੰ ਪਾਈਪ ਨਾਲ ਕੁੱਟਿਆ ਗਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਅੱਜ ਬਿਨ ਲਾਦੇਨ ਨੂੰ ਮਾਰ ਦੇਵਾਂਗੇ।
ਗੋਬਿੰਦ ਸਦਨ ਨੂੰ ਅੱਗ ਲਾਈ
19 ਫਰਵਰੀ 2002, ਪੇਲਰਮੋ, ਨਿਊਯਾਰਕ
ਤਿੰਨ 18 ਸਾਲਾ ਮੁੰਡਿਆਂ ਅਤੇ ਇਕ 19 ਸਾਲਾ ਕੁੜੀ ਨੇ ਮਿਲ ਕੇ ਗੁਰਦੁਆਰਾ ਗੋਬਿੰਦ ਸਦਨ ਨੂੰ ਅੱਗ ਲਾ ਦਿੱਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਇਹ ਸਮਝਦੇ ਹਨ ਕਿ ਇਸ ਟੈਂਪਲ ਦਾ ਨਾਂ ਗੋ-ਬਿਨ-ਲਾਦੇਨ ਹੈ।
ਟਰੱਕ ਚਾਲਕ ਨੂੰ ਗੋਲੀ ਮਾਰੀ
20 ਮਈ 2003, ਫੀਨਿਕਸ, ਐਰੀਜ਼ੋਨਾ
52 ਸਾਲਾ ਟਰੱਕ ਚਾਲਕ ਅਵਤਾਰ ਸਿੰਘ ਉਪਰ ਗੋਲੀ ਚਲਾ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਉਸ ਨੇ ਆਪਣਾ ਟਰਾਲਾ ਫੀਨਿਕਸ ਵਿਚ ਪਾਰਕ ਕਰਕੇ ਆਪਣੇ ਪੁੱਤਰ ਨੂੰ ਬੁਲਾਇਆ ਸੀ। ਇੰਨੇ ਦੋ ਗੋਰੇ ਆਏ ਅਤੇ ਉਸ ਨੂੰ ਬਾਹਰ ਧੂੰਹ ਲਿਆ ਅਤੇ ਉਸ ਨੂੰ ਆਵਾਜ਼ ਸੁਣੀ ਕਿ ਉਥੇ ਵਾਪਸ ਜਾਓ ਜਿਥੋਂ ਆਏ ਹੋ। ਇਸ ਤੋਂ ਬਾਅਦ ਉਨ੍ਹਾਂ ਨੇ ਗੋਲੀ ਚਲਾ ਦਿੱਤੀ।
ਪੱਗਾਂ ਵਾਲਿਓ ਵਾਪਸ ਜਾਓ
12 ਮਾਰਚ 2004, ਫਰਿਜ਼ਨੋ
ਹੁੱਲੜਬਾਜ਼ਾਂ ਨੇ ਸਪਰੇਅ ਵਾਲੇ ਰੰਗਾਂ ਨਾਲ ਗੁਰਦੁਆਰਾ ਸਾਹਿਬ ਤੇ ਲਿਖ ਦਿੱਤਾ, Ḕਪੱਗਾਂ ਵਾਲਿਓ ਵਾਪਸ ਜਾਓ’ ਅਤੇ Ḕਇਹ ਤੁਹਾਡਾ ਦੇਸ਼ ਨਹੀਂ।’ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਤੇ ਪਟਾਖੇ ਵੀ ਸੁੱਟੇ।
ਨਸ਼ੇੜੀਆਂ ਨੇ ਸਿੱਖਾਂ ਉੱਤੇ ਹਮਲਾ ਕੀਤਾ
12 ਜੁਲਾਈ 2004, ਨਿਊਯਾਰਕ
ਕਾਕੇਸੀਆਂ ਦੇ ਨਸ਼ੇੜੀਆਂ ਨੇ ਰਜਿੰਦਰ ਸਿੰਘ ਖ਼ਾਲਸਾ (54) ਅਤੇ ਉਸ ਦੇ ਭਤੀਜੇ ਗੁਰਚਨ ਸਿੰਘ ਉਪਰ ਹਮਲਾ ਕੀਤਾ, ਜਦ ਉਹ ਤੰਦੂਰੀ ਐਕਸਪ੍ਰੈਸ ਰੇਸਤਰਾਂ ਵੱਲ ਜਾ ਰਹੇ ਸਨ। ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਪੱਗਾਂ ਬਾਰੇ ਗ਼ਲਤ ਸ਼ਬਦ ਵਰਤੇ।
ਸਿੱਖ ਵਿਦਿਆਰਥੀ ਦੇ ਕੇਸ ਕੱਟ ਦਿੱਤੇ
24 ਮਈ 2007, ਕਵੀਨਜ਼
ਕਵੀਨਜ਼ ਦੇ ਨਿਊਟਾਊਨ ਹਾਈ ਸਕੂਲ ਵਿਚ 15 ਸਾਲਾ ਸਿੱਖ ਵਿਦਿਆਰਥੀ ਦੇ ਕੇਸ ਕੱਟ ਦਿੱਤੇ।
ਬਜ਼ੁਰਗ ਨੂੰ ਕਿਹਾ, ਅਪਣੇ ਦੇਸ਼ ਵਾਪਸ ਜਾ
14 ਜੁਲਾਈ 2008, ਨਿਊ ਹਾਈਡ ਪਾਰਕ
ਗੁਰਦੁਆਰਾ ਸਾਹਿਬ ਦੇ ਬਾਹਰ ਇਕ 63 ਸਾਲਾ ਬਜੁਰਗ ਬਲਜੀਤ ਸਿਘ ਉਪਰ ਹਮਲਾ ਹੋਇਆ। ਹਮਲਾਵਰ ਨੇ ਕਿਹਾ, Ḕਅਰਬ, ਆਪਣੇ ਦੇਸ਼ ਨੂੰ ਵਾਪਸ ਜਾਹ’। ਫਿਰ ਉਸ ਦੇ ਮੂੰਹ ਤੇ ਘਸੁੰਨ ਮਾਰਿਆ ਜਿਸ ਨਾਲ ਉਸ ਦੇ ਨੱਕ ਦੀ ਹੱਡੀ ਟੁੱਟ ਗਈ।
ਸਿੱਖ ਵਿਦਿਆਰਥੀ ਉੱਤੇ ਹਮਲਾ
5 ਜੂਨ 2008 ਕਵੀਨਜ਼
ਰਿਚਮੰਡ ਹਾਈ ਸਕੂਲ ਦੇ ਇਕ 9ਵੀਂ ਜਮਾਤ ਦੇ ਸਿੱਖ ਵਿਦਿਆਰਥੀ ਉਪਰ ਉਸ ਦੇ ਇਕ ਜਮਾਤੀ ਨੇ ਹਮਲਾ ਕਰ ਦਿੱਤਾ। ਉਸ ਦਾ ਪਟਕਾ ਉਤਾਰ ਦਿੱਤਾ ਅਤੇ ਚਿਹਰੇ ‘ਤੇ ਚਾਬੀਆਂ ਮਾਰੀਆਂ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਗਰੌਸਰੀ ਸਟੋਰ ਨੂੰ ਨਿਸ਼ਾਨਾ ਬਣਾਇਆ
30 ਜਨਵਰੀ 2007, ਨਿਊਯਾਰਕ
ਜਸਮੇਰ ਸਿੰਘ ਉਪਰ ਉਸ ਦੇ ਗਰੋਸਰੀ ਸਟੌਰ ‘ਤੇ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਇਸ ਮੌਕੇ ਉਸ ਦੀ ਦਾੜ੍ਹੀ ਅਤੇ ਪੱਗ ਉਪਰ ਘਟੀਆ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ।
ਐਮ ਟੀ ਏ ਵਰਕਰ ਦੇ ਦੰਦ ਤੋੜੇ
30 ਮਈ 2011, ਨਿਊਯਾਰਕ ਸਬਵੇਅ
ਜਸਮੇਰ ਸਿੰਘ ਦੇ ਪਿਤਾ ਅਤੇ ਐਮæਟੀæਏæ ਵਰਕਰ ਜੀਵਨ ਸਿੰਘ, ਜੋ ਪਿਛਲੇ 30 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਿਹਾ ਹੈ, ਉਪਰ ਇਕ ਰੇਲ ਗੱਡੀ ਵਿਚ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਕਿਹਾ ਕਿ ਤੂੰ ਓਸਾਮਾ ਬਿਨ ਲਾਦੇਨ ਨਾਲ ਸਬੰਧਤ ਹੈ। ਇਸ ਹਮਲੇ ਵਿਚ ਉਸ ਦੇ ਤਿੰਨ ਦੰਦ ਟੁੱਟ ਗਏ
ਇਨ੍ਹਾਂ ਤੋਂ ਬਿਨਾਂ ਹੋਰ ਅਜਿਹੇ ਨਸਲੀ ਹਿੰਸਾ (ਹੇਟ ਕਰਾਈਮ) ਦੀਆਂ ਹੋਰ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹੋਣਗੀਆਂ ਜੋ ਧਿਆਨ ਵਿਚ ਨਹੀਂ ਆਈਆਂ।

No comments:

Post a Comment